Description

ਅਕਾਲੀ ਫੂਲਾ ਸਿੰਘ ਜੀ ਨੇ ਅਗਸਤ 1814 ਈ. ਨੂੰ ਅਨੰਦਪੁਰ ਸਾਹਿਬ ਜਾਣ ਦੀ ਤਿਆਰੀ ਕਰ ਲਈ। ਕਾਰਨ ਇਹ ਸੀ ਕਿ ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਦਰਬਾਰ ਵਿੱਚ ਡੋਗਰਿਆਂ ਵੱਲੋਂ ਕੀਤੀਆਂ ਜਾਣ ਵਾਲ਼ੀਆਂ ਮਨ ਭਾਂਵਦੀਆਂ ਨੂੰ ਨੱਥ ਪਾਉਣ ਲਈ ਕਿਹਾ ਪਰ ਮਹਾਰਾਜਾ ਸਾਹਿਬ ਅਜਿਹਾ ਕਰਨ ਤੋਂ ਥੋੜ੍ਹੇ ਕੱਚੇ ਲੱਗੇ।

ਸੋ ਜਦੋਂ ਉਹ ਅਨੰਦਪੁਰ ਸਾਹਿਬ ਪਹੁੰਚੇ ਤਾਂ ਇਸ ਤੋਂ ਬਹੁਤੀਆਂ ਧਿਰਾਂ ਔਖ ਮੰਨਣ ਲੱਗੀਆਂ। ਖ਼ਾਸਕਰ ਅੰਗਰੇਜ਼ ਬਹੁਤੇ ਔਖੇ ਹੋਏ ਕਿਉਕਿ ਅਨੰਦਪੁਰ ਸਾਹਿਬ ਉਦੋਂ ਅੰਗਰੇਜ਼ਾਂ ਦੇ ਅਸਰ ਹੇਠ ਸੀ ਤੇ ਅਕਾਲੀ ਜੀ ਨੇ ਖਾਲਸਾ ਫੌਜ ਸਮੇਤ ਉੱਥੇ ਆਣ ਪੜਾਅ ਕਰ ਲਿਆ ਸੀ। ਦੂਜਾ ਇਹ ਹੋਇਆ ਕਿ ਜੀਂਦ ਦੇ ਕੰਵਰ ਪ੍ਰਤਾਪ ਸਿੰਘ ਨੇ ਅਕਾਲੀ ਜੀ ਕੋਲ ਆਣ ਪਨਾਹ ਲੈ ਲਈ ਜਿਸਦਾ ਕਿ ਅੰਗਰੇਜ਼ਾਂ ਨਾਲ ਝਗੜਾ ਚੱਲ ਰਿਹਾ ਸੀ। ਅਜਿਹੇ ਵਿੱਚ ਉਨ੍ਹਾਂ ਮਹਾਰਾਜੇ ਨੂੰ ਅਕਾਲੀ ਜੀ ਨੂੰ ਵਾਪਿਸ ਅਮ੍ਰਿਤਸਰ ਬੁਲਾ ਲੈਣ ਬਾਬਤ ਇੱਕ ਚਿੱਠੀ ਲਿਖੀ।

ਡੋਗਰਿਆਂ ਨੇ ਇਸ ਨੂੰ ਅਮੋਲਕ ਮੌਕਾ ਜਾਣਦਿਆਂ ਮਹਾਰਾਜੇ ਤੋਂ ਅਕਾਲੀ ਜੀ ਨੂੰ ਫ਼ੌਜੀ ਤਾਕਤ ਵਰਤ ਕੇ ਵਾਪਿਸ ਲਿਆਉਣ ਦੀ ਮੰਜੂਰੀ ਲੈ ਲਈ ਤੇ ਦੀਵਾਨ ਮੋਤੀ ਰਾਮ ਖ਼ੁਦ ਫਿਲੌਰ ਦੇ ਕਿਲੇਦਾਰ ਦੀ ਫੌਜ ਨੂੰ ਨਾਲ ਲੈ ਕੇ ਅਕਾਲੀ ਜੀ ਨੂੰ ਲੈਣ ਅਨੰਦਪੁਰ ਸਾਹਿਬ ਆ ਪੁੱਜਾ। ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਕਿ ਜਦੋਂ ਉਸ ਨੇ ਫ਼ੋਜ ਨੂੰ ਅਕਾਲੀ ਜੀ ‘ਤੇ ਹਮਲਾ ਕਰਨ ਲਈ ਕਿਹਾ ਤਾਂ ਸਾਰੀ ਫੌਜ ਨੇ ਸ਼ਸਤਰ ਹੇਠਾਂ ਕਰ ਲਏ ਤੇ ਹਮਲਾ ਕਰਨ ਤੋਂ ਨਾਂਹ ਕਰ ਦਿੱਤੀ। ਅਜਿਹਾ ਹੀ ਉਦੋਂ ਹੋਇਆ ਜਦੋਂ ਅੰਗਰੇਜ਼ਾਂ ਨੇ ਰਾਜਾ ਜਸਵੰਤ ਸਿੰਘ ਨਾਭਾ ਤੇ ਮਲੇਰਕੋਟਲੇ ਵਾਲੇ ਨਵਾਬ ਨੂੰ ਕਿਹਾ ਕਿ ਅਕਾਲੀ ਜੀ ਨੂੰ ਅਨੰਦਪੁਰ ਸਾਹਿਬ ਤੋਂ ਵਾਪਿਸ ਭੇਜੋ।